ਚੰਡੀਗੜ੍ਹ:– 23 ਅਕਤੂਬਰ:—ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਵਿੱਚ ਆਪਣਾ ਜ਼ਿਆਦਾਤਰ ਸਮਾਂ ਮੈਡੀਟੇਸ਼ਨ ਕਰਨ ਵਿੱਚ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਰੋਜ਼ਾਨਾ ਦਾ ਕੰਮ ਸਵੇਰੇ ਤਿੰਨ ਵਜੇ ਸ਼ੁਰੂ ਹੋ ਜਾਂਦਾ ਹੈ।ਉਹ ਦਿਨ ਵਿੱਚ ਸੱਤ ਤੋਂ ਅੱਠ ਘੰਟੇ ਮੈਡੀਟੇਸ਼ਨ ਕਰਦੇ ਹਨ। ਹਾਲਾਂਕਿ ਇਨ੍ਹੀਂ ਦਿਨੀਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਹੈ। ਉਸ ਦਾ ਮੈਡੀਕਲ ਵੀ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ। ਜੇਲ੍ਹ ਜਾਣ ਤੋਂ ਬਾਅਦ ਉਸ ਦਾ ਵਜ਼ਨ 35 ਕਿਲੋ ਘਟ ਚੁੱਕਾ ਹੈ। ਜਾਣਕਾਰੀ ਮੁਤਾਬਕ ਸਿੱਧੂ ਜੇਲ ‘ਚ ਸਵੇਰੇ 3 ਵਜੇ ਉੱਠ ਕੇ ਨਿਤਨੇਮ ਤੋਂ ਬਾਅਦ ਸਿਮਰਨ ‘ਤੇ ਬੈਠ ਜਾਂਦੇ ਹਨ। ਤਿੰਨ ਘੰਟੇ ਧਿਆਨ ਕਰਨ ਤੋਂ ਬਾਅਦ ਸੈਰ ਕਰਦੇ ਹਨ। ਡਾਕਟਰਾਂ ਦੀ ਸਲਾਹ ‘ਤੇ ਨਾਸ਼ਤੇ ‘ਚ ਫਲ ਅਤੇ ਸੁੱਕੇ ਮੇਵੇ ਲੈਂਦੇ ਹਨ। ਦੁਪਹਿਰ ਨੂੰ ਵੀ ਉਹ ਯੋਗਾ ਅਤੇ ਮੈਡੀਟੇਸ਼ਨ ਕਰਦੇ ਹਨ। ਸ਼ਾਮ ਨੂੰ ਫਿਰ ਸਿੱਧੂ ਧਿਆਨ ਲਗਾਉਣ ਬੈਠ ਜਾਂਦੇ ਹਨ। ਸੈਰ ਅਤੇ ਯੋਗਾ ਕਰਨ ਨਾਲ ਸਿੱਧੂ ਦਾ ਭਾਰ ਪੰਜ ਮਹੀਨਿਆਂ ਵਿੱਚ 135 ਕਿਲੋ ਤੋਂ ਘੱਟ ਕੇ 100 ਕਿਲੋ ਤੱਕ ਆ ਗਿਆ ਹੈ।ਸਿੱਧੂ ਦੇ ਵਕੀਲ ਐਚਪੀਐਸ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਨੇ ਵਜ਼ਨ ਘਟਾਉਣ ਦੀ ਸਲਾਹ ਦਿੱਤੀ ਸੀ ਕਿਉਂਕਿ ਸਿੱਧੂ ਨੂੰ ਜਿਗਰ ਦੀ ਸਮੱਸਿਆ ਹੈ। ਸਿੱਧੂ ਜੇਲ ‘ਚ ਆਪਣੀ ਫਿਜ਼ੀਕਲ ਫਿਟਨੈੱਸ ‘ਤੇ ਧਿਆਨ ਦੇ ਰਹੇ ਹਨ, ਹੁਣ ਉਹ ਹੋਰ ਭਾਰ ਘੱਟ ਕਰਨਾ ਚਾਹੁੰਦੇ ਹਨ।abhar.