ਮੋਹਾਲੀ :-05/09/2022:— ਬੀਤੇ ਕੱਲ੍ਹ ਐਤਵਾਰ ਰਾਤ ਨੂੰ ਅਚਾਨਕ 50 ਫੁੱਟ ਦੀ ਉਚਾਈ ਤੋਂ ਇਕ ਝੂਲਾ ਡਿੱਗ ਗਿਆ। ਇਸ ਵਿੱਚ 30 ਲੋਕ ਸਨ ਤੇ ਸਾਰਿਆਂ ਦੇ ਸੱਟਾਂ ਲੱਗੀਆਂ ਸਨ। ਇਸ ਦੇ ਨਾਲ ਹੀ 13 ਲੋਕਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ। ਹੁਣ ਇਸ ਮਾਮਲੇ ਵਿੱਚ ਪੁਲੀਸ ਨੇ ਵਪਾਰ ਮੇਲੇ ਦੇ ਮਾਲਕਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਐਫਆਈਆਰ ਵਿੱਚ ਧਾਰਾ 323, 341, 337 ਸ਼ਾਮਲ ਕੀਤੀਆਂ ਗਈਆਂ ਹਨ। ਸਾਰਿਆਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਬਾਅਦ ਤੋਂ ਹੀ ਝੂਲਾ ਚਾਲਕ ਆਪਣੇ ਸਾਥੀਆਂ ਸਮੇਤ ਫਰਾਰ ਹੈ। ਇਹ ਜਾਣਕਾਰੀ ਮੁਹਾਲੀ ਦੇ ਫੇਜ਼-8 ਥਾਣੇ ਦੇ ਇੰਚਾਰਜ ਰਾਜੇਸ਼ ਨੇ ਦਿੱਤੀ ਹੈ।ਜ਼ਿਲ੍ਹਾ ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਸਰਬਜੀਤ ਕੌਰ ਅਤੇ ਨਾਇਬ ਤਹਿਸੀਲਦਾਰ ਅਰਜੁਨ ਗਰੇਵਾਲ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਸੀ ਅਮਿਤ ਤਲਵਾੜ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।