ਨਕਲੀ ਦੇਸੀ ਘਿਉ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼

Loading

ਬਠਿੰਡਾ :15 ਜੁਲਾਈ (Alpha News India) :-– ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ ਨੇ ਇਕ ਨਾਮੀ ਕੰਪਨੀ ਦੇ ਨਾਮ ’ਤੇ ਨਕਲੀ ਦੇਸੀ ਘਿਉ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆਂ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 256 ਲੀਟਰ ਦੇਸੀ ਘਿਓ ਬਰਾਮਦ ਕੀਤਾ ਹੈ। ਇਸ ਗਿਰੋਹ ਦੇ ਤਿੰਨ ਮੈਂਬਰਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਥਰਮਲ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਬਰਾਮਦ ਕੀਤੇ ਗਏ ਘਿਓ ਦੇ ਨਮੂਨੇ ਲਏ। ਸਟਾਫ ਦੇ ਇੰਚਾਰਜ ਐਸਆਈ ਤਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਵਿਚ ਨਕਲੀ ਦੇਸੀ ਘਿਓ ਬਣਾਉਣ ਵਾਲਾ ਗਿਰੋਹ ਸਰਗਰਮ ਹੈ। ਉਕਤ ਗਿਰੋਹ ਇਕ ਨਾਮੀ ਕੰਪਨੀ ਦੇ ਨਾਮ ’ਤੇ ਘਿਉ ਬਣਾ ਕੇ ਵੇਚ ਰਿਹਾ ਹੈ।

ਇਸ ’ਤੇ ਕਾਰਵਾਈ ਕਰਦਿਆਂ ਹੋਇਆਂ ਐਸਆਈ ਹਰਜੀਵਨ ਸਿੰਘ ਨੇ ਥਰਮਲ ਕਲੋਨੀ ਕੋਲ ਨਾਕਾਬੰਦੀ ਕਰ ਕੇ ਇਕ ਹੋਂਡਾ ਸਿਟੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 16 ਡੱਬੇ ਨਕਲੀ ਘਿਓ ਦੇ ਬਰਾਮਦ ਕੀਤੇ ਗਏ। ਕੁੱਲ 256 ਲੀਟਰ ਘਿਉ ਇਕ ਨਾਮੀ ਕੰਪਨੀ ਦੇ ਨਾਮ ’ਤੇ ਪੈਕ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਹੀ ਕਾਰ ਸਵਾਰ ਕ੍ਰਿਸ਼ਨ ਕੁਮਾਰ ਉਰਫ ਰਿੰਕੂ ਵਾਸੀ ਪਿੰਡ ਮਾਹੀਨੰਗਲ ਅਤੇ ਦੀਪਕ ਸ਼ਰਮਾ ਉਰਫ ਦੀਪੂ ਵਾਸੀ ਪੁਰਾਣਾ ਥਾਣਾ ਰੋਡ ਨੂੰ ਗ੍ਰਿਫ਼ਤਾਰ ਕਰ ਲਿਆ।

ਐਸਆਈ ਤਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਸਥਾਨਕ ਪਰਸਰਾਮ ਨਗਰ ਦੇ ਰਹਿਣ ਵਾਲੇ ਵਿਕਾਸ ਗੋਇਲ ਅਤੇ ਦੀਪਕ ਗੋਇਲ ਨੇ ਪਰਸ ਰਾਮ ਨਗਰ ਵਿਚ ਨਕਲੀ ਘਿਓ ਬਣਾਉਣ ਦੀ ਫੈਕਟਰੀ ਲਾਈ ਹੋਈ ਹੈ। ਇਸ ਘਿਓ ਨੂੰ ਦੀਪਕ ਗੋਇਲ ਅਤੇ ਵਿਪਨ ਸਿੰਘ ਵਾਸੀ ਭਾਗੀਬਾਂਦਰ ਨਜ਼ਦੀਕੀ ਮੰਡੀਆਂ ਵਿਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

109119

+

Visitors