चंडीगढ़ : 21 फरवरी: अल्फा न्यूज इंडिया डेस्क:–21 ਫ਼ਰਵਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼
ਮਾਂ ਬੋਲੀ ਦੇ ਸਤਿਕਾਰ ਲਈ ਆਮ ਲੋਕ ਅੱਗੇ ਆਉਣ….ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਕਲਮ ਤੋਂ
ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਇਸਦੇ ਆਪਣੇ ਹੀ ਇਸ ਨੂੰ ਵਿਸਾਰ ਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿਥੋਂ ਤੱਕ ਸਰਕਾਰ ਦੀ ਡਿਊਟੀ ਬਣਦੀ ਹੈ, ਉਹ ਤਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਵੱਲੋਂ ਸਾਰੇ ਦਫ਼ਤਰਾਂ ਵਿੱਚ ਪੰਜਾਬੀ ਲਾਗੂ ਹੋਣ ਦੇ ਦਮਗਜ਼ੇ ਮਾਰ ਰਹੇ ਹਨ ਪਰ ਅਸਲੀਅਤ ਕੀ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕਿਸੇ ਬੋਲੀ ਜਾਂ ਸੱਭਿਆਚਾਰ ਦਾ ਹੇਜ਼ ਕਿਸੇ ਸਰਕਾਰ ਨੂੰ ਨਹੀਂ ਹੁੰਦਾ। ਇਨ੍ਹਾਂ ਲੋਕਾਂ ਕੋਲ ਤਾਂ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੇ ਦਾਅ ਪੇਚ ਹੀ ਹੁੰਦੇ ਹਨ, ਮਾਂ ਬੋਲੀ ਤਾਂ ਦੂਰ ਇਨ੍ਹਾਂ ਖੁਦਗਰਜ਼ ਲੋਕਾਂ ਨੂੰ ਤਾਂ ਆਪਣੀ ਮਾਂ ਵੀ ਭੁੱਲ ਜਾਂਦੀ ਹੈ। ਇਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਜਾਂ ਨਹੀਂ, ਪਰ ਆਮ ਲੋਕਾਂ ਦੀ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਕੋਈ ਜ਼ਿੰਮੇਵਾਰੀ ਬਣਦੀ ਹੈ, ਇਹ ਧਿਆਨਯੋਗ ਅਤੇ ਗੰਭੀਰ ਮਸਲਾ ਹੈ।