ਅੰਮ੍ਰਿਤਸਰ:-28 ਜੁਲਾਈ :–ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਗੋਪਾਲਪੁਰਾ ਸਥਿਤ ਮੰਦਰ ‘ਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਵਿਅਕਤੀ ਸੋਮਵਾਰ ਰਾਤ ਮੰਦਰ ਦੇ ਅੰਦਰ ਦਾਖਿਲ ਹੋਏ ਜਿਹਨਾਂ ਨੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਮੰਦਰ ਦੇ ਪੁਜਾਰੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਦੇ ਅਨੁਸਾਰ ਦਰਸ਼ਨ ਨਾਮ ਦਾ ਪੁਜਾਰੀ ਆਪਣੇ ਪਰਿਵਾਰ ਨਾਲ ਮੰਦਰ ‘ਚ ਸੁੱਤਾ ਪਿਆ ਸੀ। ਇਸੇ ਦੌਰਾਨ 10-12 ਅਣਪਛਾਤੇ ਵਿਅਕਤੀ ਕੰਧਾ ਟੱਪ ਕੇ ਅੰਦਰ ਦਾਖਿਲ ਹੋਏ ਜਿਹਨਾਂ ਨੇ ਪੁਜਾਰੀ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਇਸ ‘ਚ ਪੁਜਾਰੀ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਬੰਧਕ ਬਣਾਇਆ ਅਤੇ ਉਨ੍ਹਾਂ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਵਾਰਦਾਤ ‘ਚ ਪੁਜਾਰੀ ਦੀ ਪਤਨੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਲੁਟੇਰਿਆਂ ਨੇ ਜਿੱਥੇ ਪੁਜਾਰੀ ਦਾ ਕਤਲ ਕਰ ਦਿੱਤਾ, ਉਥੇ ਹੀ ਹਜ਼ਾਰਾਂ ਰੁਪਏ ਦੀ ਨਗਦੀ ਵੀ ਲੁੱਟ ਕੇ ਫਰਾਰ ਹੋ ਗਏ। ਮ੍ਰਿਤਕ ਦੀ ਪਤਨੀ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਿਲ ਹੈ। ਸਥਾਨਕ ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (ਹਿੰ. ਸ.)